ਚੱਲਦੇ ਆ ਚੱਲ ਜਾਣਾ ਈ ਆ,
ਸਾਹਾਂ ਤੋਂ ਧੋਖਾ ਖਾਣਾ ਈ ਆ,
ਜ਼ੁਰਤ ਰੱਖੀ ਹਾੜਾ ਨੀ ਕੀਤਾ,
ਅਸੀਂ ਕੋਈ ਕੰਮ ਮਾੜਾ ਨੀ ਕੀਤਾ,
ਨਰਕਾਂ ਵਿੱਚ ਸਾਡੀ ਥਾਂ ਨੀ ਹੋਣੀ,
ਤੇਰੇ ਕੋਲ ਜਵਾਬ ਨੀ ਹੋਣਾ,
ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ।
ਅੱਸੂ, ਫੱਗਣ, ਚੇਤ ਨੀ ਹੋਣੇ,
ਮੋਟਰਾਂ, ਵੱਟਾਂ, ਖੇਤ ਨੀ ਹੋਣੇ।
ਛਿੰਝਾਂ, ਮੇਲੇ, ਅਖਾੜੇ ਕਿੱਥੇ?
ਬੱਕਰੇ, ਬੜ੍ਹਕ, ਲਲਕਾਰੇ ਕਿੱਥੇ?
ਮੱਕੀਆਂ, ਸਰੋਂਆਂ, ਕਪਾਹਾਂ, ਚਰੀਆਂ,
ਆਏ ਟੇਢੀਆਂ ਪੱਗਾਂ ਮੁੱਛਾਂ ਖੜੀਆਂ।
ਹਾਏ ਬਾਉਲੀਆਂ, ਮੱਖਣੀਆਂ ਨਾਲੇ ਪਿੰਨੀਆਂ,
ਸੁਰਮਾਂ ਪਾ ਕੇ ਅੱਖਾਂ ਸਿੰਨੀਆਂ।
ਜਿੰਦਰੇ,ਹਲ, ਸੁਹਾਗੇ, ਕਹੀਆਂ,
ਉਹ ਘਲਾਹੜੀ ਨਾਲ ਕਮਾਦ ਨੀ ਹੋਣਾ।
ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ।
ਸੰਗਤ, ਪੰਗਤ, ਲੰਗਰ, ਦੇਗਾਂ
ਮੀਰੀ-ਪੀਰੀ,ਤਵੀਆਂ,ਤੇਗ਼ਾਂ।
ਫ਼ੌਜ ਲਾਡਲੀ, ਲੱਗੇ ਵਿਸਾਖੀ
ਹੋਰ ਕਿਤੇ ਜੇ ਹੋਵੇ ਆਖੀਂ।
ਕੰਘੇ ਕੇਸਾਂ ਦੇ ਵਿੱਚ ਗੁੰਦੇ,
ਜਿੱਥੇ ਚੌਂਕੀਆਂ, ਝੰਡੇ-ਬੁੰਗੇ।
ਜੰਗਨਾਮੇ ਕਦੇ ਜ਼ਫ਼ਰਨਾਮੇ ਨੇ,
ਓ ਕਿਤੇ ਉਦਾਸੀਆਂ ਸਫ਼ਰਨਾਮੇ ਨੇ।
ਮੋਹ, ਸਾਂਝ ਤੇ ਭਾਈਚਾਰੇ
ਓਥੇ ਕੋਈ ਲਿਹਾਜ਼ ਨੀ ਹੋਣਾ
ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ
ਹਾਸ਼ਮ,ਪੀਲੂ, ਵਾਰਿਸ, ਬੁੱਲੇ
ਸ਼ਾਹ ਮੁਹਮੰਦ, ਸ਼ਿਵ ਅਣਮੁੱਲੇ ।
ਰਾਗੀ-ਕਵੀਸ਼ਰ, ਸੱਦ ਤੇ ਵਾਰਾਂ
ਢੱਡ-ਸਾਰੰਗੀ, ਤੂੰਬੀ ਦੀਆਂ ਤਾਰਾਂ।
ਸਿੱਠਣੀਆਂ,ਬੋਲੀਆਂ,ਮਾਹੀਏ,ਟੱਪੇ
ਓ ਸਭ ਨੂੰ ਮਾਲਕ ਰਾਜ਼ੀ ਰੱਖੇ।
ਸੁੱਚੇ, ਦੁੱਲ੍ਹੇ, ਜਿਉਣੇ ਤੇ ਜੱਗੇ
ਹੋਣੀ ਨੂੰ ਲਾ ਲੈਂਦੇ ਅੱਗੇ।
ਮਾਣ ਹੈ "ਅਰਜਣਾ" ਅਸੀਂ ਪੰਜਾਬੀ,
ਇਹਤੋਂ ਵੱਡਾ ਖ਼ਿਤਾਬ ਨੀ ਹੋਣਾ।
ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ
Поcмотреть все песни артиста